ਲੋਕਾਂ ਨੂੰ ਸੰਭਾਲ ਨਾਲ ਜੋੜਨਾ

ਲੋਕਾਂ ਨੂੰ ਸੰਭਾਲ ਨਾਲ ਜੋੜਨਾ ਤਾਂ ਜੋ ਉਹ ਲੋੜੀਂਦੀ ਮਦਦ ਪ੍ਰਾਪਤ ਕਰ ਸਕਣ।

ਕ੍ਰਾਇਸਿਸ (ਸੰਕਟ) ਲਾਈਨਾਂ 

ਜਦੋਂ ਲੋਕ ਮਾਨਸਿਕ ਸਿਹਤ ਜਾਂ ਨਸ਼ਾਖੋਰੀ ਸੰਬੰਧੀ ਚੁਣੌਤੀਆਂ ਕਾਰਨ ਸੰਕਟ ਵਿੱਚ ਹੁੰਦੇ ਹਨ, ਤਾਂ ਉਹਨਾਂ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਉਣ ਦੀ ਲੋੜ ਹੁੰਦੀ ਹੈ। 

ਸੰਕਟ ਲਾਈਨਾਂ ਬ੍ਰਿਟਿਸ਼ ਕੋਲੰਬੀਆ ਦੇ ਉਹਨਾਂ ਨਿਵਾਸੀਆਂ ਲਈ ਇੱਕ ਮਹੱਤਵਪੂਰਨ ਸੇਵਾ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਨੂੰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਸਹਾਇਤਾ ਦੀ ਲੋੜ ਹੁੰਦੀ ਹੈ।

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਅਤੇ ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਬੀ.ਸੀ. ਦੀਆਂ ਸੰਕਟ ਲਾਈਨਾਂ ‘ਤੇ ਬੇਹੱਦ ਵੱਡੀ ਗਿਣਤੀ ਵਿੱਚ ਕੌਲਾਂ ਦੇਖਣ ਨੂੰ ਮਿਲੀਆਂ ਹਨ। 

ਇਸ ਲਈ ਸਰਕਾਰ ਨੇ 2018 ਤੋਂ ਲੈ ਕੇ ਹੁਣ ਤੱਕ ਸੰਕਟ ਲਾਈਨਾਂ ਦੇ ਵਿਸਤਾਰ ਲਈ ਅਤੇ ਉਹਨਾਂ ਨੂੰ ਮਜ਼ਬੂਤ ਕਰਨ ਲਈ $10.8 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਉਹ ਸਹਾਇਤਾ ਮਿਲ ਸਕੇ ਜਿਸਦੀ ਉਹਨਾਂ ਨੂੰ ਲੋੜ ਹੈ ਅਤੇ ਜਿਸਦੇ ਉਹ ਹੱਕਦਾਰ ਹਨ। 

ਇੱਥੇ ਮਦਦ ਲਓ:

 • ਆਤਮਹੱਤਿਆ ਸੰਕਟ ਹੈਲਪਲਾਈਨ 9-8-8 (ਕੌਲ ਜਾਂ ਟੈਕਸਟ)
 • 1 800 SUICIDE (1-800-784-2433)
 • ਮਾਨਸਿਕ ਸਿਹਤ ਸਹਾਇਤਾ: 310-6789
 • ਬੱਚਿਆਂ ਦੀ ਮਦਦ ਲਈ ਫੋਨ  1-800-668-6868
 • KUU-US ਕ੍ਰਾਇਸਿਸ ਰਿਸਪੌਂਸ ਸਰਵਿਸ, ਜੋ ਬੀ.ਸੀ. ਦੇ ਇੰਡੀਜਨਸ (ਮੂਲ ਨਿਵਾਸੀ) ਲੋਕਾਂ ਨੂੰ ਸੱਭਿਆਚਾਰਕ ਤੌਰ ‘ਤੇ ਢੁੱਕਵੀਂ ਸੰਕਟ ਸਹਾਇਤਾ ਪ੍ਰਦਾਨ ਕਰਦੀ ਹੈ। ਉਹ ਨੰਬਰ ਹੈ 1-800-588-8717
 • ਸ਼ਰਾਬ ਅਤੇ ਨਸ਼ਿਆਂ ਬਾਰੇ ਜਾਣਕਾਰੀ ਅਤੇ ਰਿਫ਼ਰਲ ਸੇਵਾ (Alcohol and Drug Information and Referral Service): 1-800-663-1441
ਇੱਕ ਵਿਅਕਤੀ ਕੰਧ ਦੇ ਸਹਾਰੇ ਖੜ੍ਹਾ ਆਪਣੇ ਫ਼ੋਨ 'ਤੇ ਟਾਈਪ ਕਰ ਰਿਹਾ ਹੈ

ਇਲਾਜ ਅਤੇ ਰਿਕਵਰੀ ਬੈਡ

ਬ੍ਰਿਟਿਸ਼ ਕੋਲੰਬੀਆ ਵਿੱਚ 2017 ਤੋਂ ਲੈ ਕੇ ਫ਼ਰਵਰੀ 2024 ਤੱਕ ਬਾਲਗਾਂ ਅਤੇ ਨੌਜਵਾਨਾਂ ਲਈ ਨਸ਼ੀਲੇ ਪਦਾਰਥਾਂ ਦੇ ਇਲਾਜ ਲਈ ਲਗਭਗ 600 ਬੈਡ ਜੋੜਨ ਦੇ ਨਾਲ, ਵਧੇਰੇ ਲੋਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਇਲਾਜ ਅਤੇ ਰਿਕਵਰੀ ਬੈਡ ਅਧਾਰਿਤ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ, ਅਤੇ ਹੋਰ ਵੀ ਬੈਡ ਉਪਲਬਧ ਹੋਣ ਵਾਲੇ ਹਨ।

ਫ਼ਰਵਰੀ 2024 ਤੋਂ ਸ਼ੁਰੂ ਹੋਕੇ, ਲੋਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਬਾਲਗਾਂ ਅਤੇ ਨੌਜਵਾਨਾਂ ਲਈ ਜਨਤਕ ਤੌਰ ‘ਤੇ ਫੰਡ ਪ੍ਰਾਪਤ ਕੁੱਲ 3,601 ਬੈਡਾਂ ਤੱਕ ਪਹੁੰਚ ਕਰ ਸਕਦੇ ਹਨ, ਜੋ ਕਿ ਸੂਬੇ ਭਰ ਦੇ ਸਿਹਤ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਨ।

ਬੱਜਟ 2023 ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਗਾੜ ਨਾਲ ਸੰਘਰਸ਼ ਕਰ ਰਹੇ ਲੋਕਾਂ ਲਈ ਸੇਵਾਵਾਂ ਅਤੇ ਸਹਾਇਤਾਵਾਂ ਦੇ ਸਮੁੱਚੇ ਦਾਇਰੇ ਵਿੱਚ $586 ਮਿਲੀਅਨ ਦਾ ਨਿਵੇਸ਼ ਕੀਤਾ ਹੈ, ਅਤੇ ਬੱਜਟ 2024 ਵਿੱਚ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਹੋਰ ਫੰਡਿੰਗ ਸ਼ਾਮਲ ਹੈ। 

ਆਪਣੇ ਨੇੜੇ ਇਲਾਜ ਅਤੇ ਰਿਕਵਰੀ ਦੇ ਵਿਕਲਪ ਲੱਭਣ ਲਈ, ਇੱਥੇ ਜਾਓ:  HelpStartsHere.gov.bc.ca/Treatment

ਇੱਕ ਵਿਅਕਤੀ ਬੈਠਾ ਇੱਕ ਥੈਰੇਪਿਸਟ ਦੀ ਗੱਲ ਸੁਣ ਰਿਹਾ ਹੈ

ਰੈੱਡ ਫਿਸ਼ ਹੀਲਿੰਗ ਸੈਂਟਰ

ਰੈੱਡ ਫਿਸ਼ ਹੀਲਿੰਗ ਸੈਂਟਰ 105 ਬੈੱਡ ਦੀ ਫੈਸਿਲਿਟੀ ਹੈ, ਜੋ ਸਭ ਤੋਂ ਗੁੰਝਲਦਾਰ ਅਤੇ ਮਾਨਸਿਕ ਸਿਹਤ ਅਤੇ ਨਸ਼ੇ ਦੀਆਂ ਮੌਜੂਦਾ ਚੁਣੌਤੀਆਂ ਵਾਲੇ ਲੋਕਾਂ ਲਈ ਤਿਆਰ ਕੀਤੀ ਗਈ ਹੈ। ‘ਰੈੱਡ ਫਿਸ਼’ ਮਾਨਸਿਕ ਸਿਹਤ ਅਤੇ ਨਸ਼ੇ ਦਾ ਇਕੱਠੇ ਇਲਾਜ ਕਰਦੀ ਹੈ ਅਤੇ ਖੋਜ ਦਰਸਾਉਂਦੀ ਹੈ ਕਿ ਇਸ ਦੇ ਨਤੀਜੇ ਵਜੋਂ ਲੋਕਾਂ ਲਈ ਬਿਹਤਰ ਨਤੀਜੇ ਨਿਕਲ ਸਕਦੇ ਹਨ ਕਿਉਂਕਿ ਹਰੇਕ ਦੂਜੇ ਨੂੰ ਪ੍ਰਭਾਵਤ ਕਰਦਾ ਹੈ।  

ਬੱਜਟ 2023 ਦੇ ਜ਼ਰੀਏ, ਸੰਭਾਲ ਦੇ ‘ਰੈੱਡ ਫਿਸ਼’ ਮਾਡਲ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਵਧੇਰੇ ਲੋਕ ਆਪਣੇ ਘਰਾਂ ਦੇ ਹੋਰ ਨੇੜੇ ਇਲਾਜ ਤੱਕ ਪਹੁੰਚ ਕਰ ਸਕਣ।

ਬੱਦਲਵਾਈ ਵਾਲੇ ਦਿਨ ਰੈੱਡ ਫਿਸ਼ ਹੀਲਿੰਗ ਸੈਂਟਰ ਦੀ ਇਮਾਰਤ ਦਾ ਬਾਹਰੀ ਹਿੱਸਾ

ਰੋਡ ਟੂ ਰਿਕਵਰੀ

ਸਾਡੇ ਭਾਈਚਾਰਿਆਂ ਵਿੱਚ ਮਾਨਸਿਕ ਸਿਹਤ ਅਤੇ ਨਸ਼ੇ ਦੀਆਂ ਚੁਣੌਤੀਆਂ ਵਾਲੇ ਲੋਕਾਂ ਦੀ ਸਹਾਇਤਾ ਕਰਨ ਦੀ ਤੁਰੰਤ ਲੋੜ ਹੈ। ਇਹੀ ਕਾਰਨ ਹੈ ਕਿ ਸਰਕਾਰ ਵੈਨਕੂਵਰ ਦੇ ਸੇਂਟ ਪੌਲਜ਼ ਹਸਪਤਾਲ ਵਿੱਚ ਨਸ਼ੇ ਦੀ ਸੰਭਾਲ ਦਾ ਇੱਕ ਸਕੇਲੇਬਲ (ਪੜਾਅਵਾਰ) ਮਾਡਲ ਬਣਾ ਰਹੀ ਹੈ ਜਿਸ ਨੂੰ ‘ਰੋਡ ਟੂ ਰਿਕਵਰੀ’ ਕਿਹਾ ਜਾਂਦਾ ਹੈ। ਇਹ ਕੈਨੇਡਾ ਵਿੱਚ ਆਪਣੀ ਕਿਸਮ ਦਾ ਪਹਿਲਾ ਮਾਡਲ ਹੈ ਤਾਂ ਜੋ ਵਧੇਰੇ ਲੋਕ ਜ਼ਰੂਰਤ ਦੇ ਸਮੇਂ ਲੋੜੀਂਦੀ ਸੰਭਾਲ ਪ੍ਰਾਪਤ ਕਰ ਸਕਣ।

ਰੋਡ ਟੂ ਰਿਕਵਰੀ ਦੇ ਹਿੱਸੇ ਵਜੋਂ, ਲੋਕ ਇਲਾਜ ਅਤੇ ਰਿਕਵਰੀ ਸੇਵਾਵਾਂ ਜਿਵੇਂ ਕਿ ‘ਐਕਿਊਟ ਸਟੇਬਿਲਾਈਜ਼ੇਸ਼ਨ’ (ਏਕੀਕ੍ਰਿਤ ਡਾਕਟਰੀ ਅਤੇ ਮਨੋਵਿਗਿਆਨਕ ਦਖਲਅੰਦਾਜ਼ੀ), ‘ਵ੍ਹਿਦਡਰੌਲ ਮੈਨੇਜਮੈਂਟ’ (ਸੁਰੱਖਿਅਤ ਅਤੇ ਮੈਡਿਕਲ ਨਿਗਰਾਨੀ ਹੇਠ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਬਾਅਦ ਦੀ ਤਬਦੀਲੀ), ‘ਟ੍ਰਾਂਜ਼ਿਸ਼ਨਲ ਹਾਊਸਿੰਗ’ (ਸਥਾਈ ਰਿਹਾਇਸ਼ ਤੋਂ ਪਹਿਲਾਂ ਮਦਦ ਲਈ ਸਥਾਪਤ ਕੀਤੀ ਗਈ ਅਸਥਾਈ ਰਿਹਾਇਸ਼), ਮਰੀਜ਼ਾਂ ਲਈ ਰਿਕਵਰੀ-ਕੇਂਦਰਿਤ ਬੈਡ ਅਤੇ ਆਊਟਪੇਸ਼ੈਂਟ ਟ੍ਰੀਟਮੈਂਟ (ਫੈਸਿਲਿਟੀ ਵਿੱਚ ਰਹੇ ਬਿਨਾਂ ਉਪਲਬਧ ਇਲਾਜ ਦੀਆਂ ਸੇਵਾਵਾਂ) ਰਾਹੀਂ ਨਿਰਵਿਘਨ ਆਵਾਜਾਈ ਕਰਨ ਦੇ ਯੋਗ ਹੋਣਗੇ – ਇਹ ਸਭ ਇੱਕ ਦੂਜੇ ਦੇ ਨੇੜੇ ਹਨ ਅਤੇ ਸੰਭਾਲ ਦੀ ਨਿਰੰਤਰਤਾ ਲਈ ਇੱਕੋ ਟੀਮ ਦੁਆਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। 

ਇਹ ਨਵਾਂ ਮਾਡਲ ਉਡੀਕ ਦੇ ਸਮੇਂ, ‘ਰੀਲੈਪਸਿੰਗ’ (ਬਿਹਤਰ ਹੋਣ ਤੋਂ ਬਾਅਦ, ਦੁਬਾਰਾ ਤੋਂ ਲਤ ਲੱਗਣਾ) ਦੇ ਜੋਖਮ ਨੂੰ ਘਟਾਉਣ ਅਤੇ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਨੂੰ ਰੋਕਣ ਵਿੱਚ ਮਦਦ ਕਰੇਗਾ, ਤਾਂ ਜੋ ਲੋਕ ਇਲਾਜ ਦੀ ਫੈਸਿਲਿਟੀ ਛੱਡਣ ਵੇਲੇ ਲੋੜੀਂਦੀ ਸਹਾਇਤਾ ਪ੍ਰਾਪਤ ਕਰਨਾ ਜਾਰੀ ਰੱਖ ਸਕਣ।

ਕੁੱਲ ਮਿਲਾ ਕੇ, ਰੋਡ ਟੂ ਰਿਕਵਰੀ 95 ਬੈੱਡ ਉਪਲਬਧ ਕਰੇਗਾ।

ਦਵਾਈਆਂ ਨਾਲ ਇਲਾਜ

‘ਓਪੀਓਇਡ ਐਗੋਨਿਸਟ ਇਲਾਜ’ (OAT), ਜਿਸ ਨੂੰ ਦਵਾਈਆਂ ਨਾਲ ਸਹਾਇਤਾ ਪ੍ਰਾਪਤ ਇਲਾਜ ਵੀ ਕਿਹਾ ਜਾਂਦਾ ਹੈ, ਨਸ਼ੇ ਨਾਲ ਜੂਝ ਰਹੇ ਲੋਕਾਂ ਲਈ ਇੱਕ ਵਿਕਲਪ ਹੈ ਜੋ ਮੌਤ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਇਲਾਜ ਵਿੱਚ ਸੁਧਾਰ ਅਤੇ ਗੈਰ-ਕਨੂੰਨੀ ਓਪੀਓਇਡ ਦੀ ਵਰਤੋਂ ਤੋਂ ਨਿਰੰਤਰ ਪਰਹੇਜ਼ ਵਿੱਚ ਮਦਦ ਕਰਦਾ ਹੈ। 

ਸਾਰੇ ਸਿਹਤ ਖੇਤਰਾਂ ਵਿੱਚ ਐਡੀਕਸ਼ਨਜ਼ ਕੇਅਰ ਕਲੀਨਿਕਾਂ ਤੱਕ ਤੇਜ਼ੀ ਨਾਲ ਪਹੁੰਚ ਰਾਹੀਂ ਦਵਾਈਆਂ ਦੀ ਸਹਾਇਤਾ ਵਾਲੇ ਇਲਾਜ ਤੱਕ ਪਹੁੰਚ ਦਾ ਮਹੱਤਵਪੂਰਨ ਵਿਸਤਾਰ ਕੀਤਾ ਗਿਆ ਹੈ, ਤਾਂ ਜੋ ਵਧੇਰੇ ਲੋਕ ਉਸ ਸੰਭਾਲ ਤੱਕ ਪਹੁੰਚ ਕਰ ਸਕਣ ਜਿਸਦੀ ਉਨ੍ਹਾਂ ਨੂੰ ਲੋੜ ਹੈ, ਜਿੱਥੇ ਅਤੇ ਜਦੋਂ ਉਨ੍ਹਾਂ ਨੂੰ ਇਸਦੀ ਲੋੜ ਹੁੰਦੀ ਹੈ।

ਬੀ.ਸੀ. ਪਹਿਲਾ ਸੂਬਾ ਹੈ ਜਿਸ ਨੇ OAT ਦਵਾਈਆਂ ਦੀ ਲਾਗਤ ਦੀਆਂ ਰੁਕਾਵਟਾਂ ਨੂੰ ਦੂਰ ਕਰਦਿਆਂ ਉਨ੍ਹਾਂ ਨੂੰ ਸੂਬੇ ਦੀ ਯੂਨੀਵਰਸਲ ਕਵਰੇਜ ਯੋਜਨਾ, ਪਲਾਨ Z ਰਾਹੀਂ ਕਵਰ ਕੀਤਾ। ਪਲਾਨ Z ਦੇ ਨਾਲ, ਮੈਡੀਕਲ ਸਰਵਿਸਿਜ਼ ਪਲਾਨ (MSP) ਕਵਰੇਜ ਵਾਲਾ ਕੋਈ ਵੀ ਬੀ.ਸੀ. ਨਿਵਾਸੀ ਇਸ ਜ਼ਿੰਦਗੀ ਬਚਾਉਣ ਵਾਲੀ ਦਵਾਈ ਤੱਕ  ਬਿਨਾਂ ਕਿਸੇ ਖਰਚੇ ਦੇ ਪਹੁੰਚ ਕਰਨ ਦੇ ਯੋਗ ਹੈ।  

ਇਸ ਤੋਂ ਇਲਾਵਾ, ਦਵਾਈ-ਸਹਾਇਤਾ ਵਾਲੇ ਇਲਾਜ ਲਈ ਪਹਿਲਾਂ ਨਾਲੋਂ ਵਧੇਰੇ ਵਿਕਲਪ ਉਪਲਬਧ ਹਨ – ਜਿਸ ਵਿੱਚ ‘ਇੰਜੈਕਟੇਬਲ ਓਪੀਓਇਡ ਐਗੋਨਿਸਟ ਇਲਾਜ’ (iOAT) ਅਤੇ ਬੀ.ਸੀ. ਵਿੱਚ ਜ਼ਿਆਦਾਤਰ ਸਿਹਤ ਅਥੌਰਿਟੀਆਂ ਵਿੱਚ ‘ਟੈਬਲੇਟ iOAT’ ਪ੍ਰੋਗਰਾਮਾਂ ਵਰਗੇ ਘੱਟ-ਰੁਕਾਵਟ ਵਾਲੇ ਫਾਰਮਾਸਿਊਟੀਕਲ ਵਿਕਲਪ ਸ਼ਾਮਲ ਹਨ।

ਨਰਸਿੰਗ ਪ੍ਰੈਕਟਿਸ ਦੇ ਦਾਇਰੇ ਦਾ ਵਿਸਤਾਰ, ਕੈਨੇਡਾ ਵਿੱਚ ਪਹਿਲੀ ਵਾਰ

ਉਹਨਾਂ ਕਲੀਨਿਸ਼ੀਅਨਜ਼ ਦੀ ਸੰਖਿਆ ਵਿੱਚ ਵਾਧਾ ਕਰਨਾ ਜੋ ਓਪੀਔਇਡ-ਵਰਤੋਂ ਦੇ ਵਿਕਾਰ ਲਈ ਦਵਾਈਆਂ ਦੀ ਤਜਵੀਜ਼ ਕਰ ਸਕਦੇ ਹਨ – ਖਾਸ ਕਰਕੇ ਸੂਬੇ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ – ਰਜਿਸਟਰਡ ਨਰਸਾਂ (RNs) ਅਤੇ ਰਜਿਸਟਰਡ

ਸਾਈਕਿਐਟ੍ਰਿਕ (ਮਨੋਚਿਕਿਤਸਕ) ਨਰਸਾਂ (RPNs) ਹੁਣ ਓਪੀਔਇਡ ਐਗੋਨਿਸਟ ਟ੍ਰੀਟਮੈਂਟ ਦੀ ਤਜਵੀਜ਼ ਕਰਨਾ ਸ਼ੁਰੂ ਕਰਨ ਲਈ ਸਿਖਲਾਈ ਪੂਰੀ ਕਰ ਸਕਦੇ ਹਨ। 

ਨਵੰਬਰ 2021 ਵਿੱਚ, ਬ੍ਰਿਟਿਸ਼ ਕੋਲੰਬੀਆ ਸੈਂਟਰ ਔਨ ਸਬਸਟੈਂਸ ਯੂਜ਼ (BCCSU) ਨੇ ਬੂਪਰੇਨੋਰਫਿਨ/ਨਲੌਕਸੋਨ ਨਾਲ ਸੰਬੰਧਤ ਸਿੱਖਲਾਈ ਤੋਂ ਇਲਾਵਾ, ਇੱਕ ਪੜਾਅਵਾਰ ਪਹੁੰਚ ਵਿੱਚ ਅਜਿਹੀ ਸਿੱਖਿਆ ਅਤੇ ਸਿਖਲਾਈ ਦੀ ਸ਼ੁਰੂਆਤ ਕੀਤੀ ਜੋ RN/RPN ਤਜਵੀਜ਼ਕਾਰਾਂ ਨੂੰ ਮੈਥਾਡੋਨ ਅਤੇ ਹੌਲੀ-ਹੌਲੀ ਮੂੰਹ ਰਾਹੀਂ ਦਿੱਤੀ ਜਾਣ ਵਾਲੀ ਮੋਰਫੀਨ (Kadian) ਦੀ ਪੇਸ਼ਕਸ਼ ਕਰਨ ਦੇ ਸਮਰੱਥ ਬਣਾ ਸਕੇ। 

ਓਪੀਔਇਡ ਵਰਤੋਂ ਦੇ ਵਿਗਾੜ ਲਈ ਫਰਸਟ ਨੇਸ਼ਨਜ਼ ਕਮਿਊਨਿਟੀਆਂ ਦੇ ਸਹਿਯੋਗ ਨਾਲ ਨਰਸਾਂ ਦੁਆਰਾ ਤਜਵੀਜ਼ ਕਰਨ ਨੂੰ ਲਾਗੂ ਕੀਤਾ ਜਾ ਰਿਹਾ ਹੈ, ਅਤੇ ਸਿਖਲਾਈ ਵੀ ਚੱਲ ਰਹੀ ਹੈ।

‘ਅਸਰਟਿਵ ਕਮਿਊਨਿਟੀ ਟ੍ਰੀਟਮੈਂਟ’ ਟੀਮਾਂ

‘ਅਸਰਟਿਵ ਕਮਿਊਨਿਟੀ ਟ੍ਰੀਟਮੈਂਟ’ (ACT) ਟੀਮਾਂ ਮੌਜੂਦਾ ਪ੍ਰਣਾਲੀ ਵਿੱਚ ਕਮੀਆਂ ਨੂੰ ਦੂਰ ਕਰਨ ਅਤੇ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਦੀਆਂ ਚੁਣੌਤੀਆਂ ਵਾਲੇ ਲੋਕਾਂ ਨੂੰ ਲਗਾਤਾਰ ਮਿਲਣ ਵਾਲੀ ਸਹਾਇਤਾ, ਸਿਹਤ ਸੰਭਾਲ ਸੇਵਾਵਾਂ ਅਤੇ ਇਲਾਜ ਨਾਲ ਜੋੜਨ ਲਈ ਮਿਲ ਕੇ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਇੱਕ ਸ਼੍ਰੇਣੀ ਤੋਂ ਬਣੀਆਂ ਹਨ।

ACT ਟੀਮਾਂ ਕਮਿਊਨਿਟੀ ਦੇ ਵਾਤਾਵਰਨ ਵਿੱਚ, ਜਿਵੇਂ ਕਿ ਲੋਕਾਂ ਦੇ ਘਰਾਂ, ਕੰਮ ਦੀਆਂ ਥਾਵਾਂ, ਪਾਰਕਾਂ ਅਤੇ ਮਨੋਰੰਜਨ ਦੀਆਂ ਥਾਵਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਅਤੇ ਇਹਨਾਂ ਸੇਵਾਵਾਂ ਵਿੱਚ ਸੰਕਟ ਦਾ ਮੁਲਾਂਕਣ ਅਤੇ ਦਖਲਅੰਦਾਜ਼ੀ, ਰਿਹਾਇਸ਼ੀ ਸਹਾਇਤਾ, ਮਨੋਚਿਕਿਤਸਕ ਜਾਂ ਮਨੋਵਿਗਿਆਨਕ ਇਲਾਜ, ਦਵਾਈ ਪ੍ਰਬੰਧਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਬਿਮਾਰੀ ਲਈ ਸਹਾਇਤਾ, ਕੰਮ ਨਾਲ ਸੰਬੰਧਤ ਸੇਵਾਵਾਂ ਅਤੇ ਪਰਿਵਾਰਕ ਸਹਾਇਤਾ ਸ਼ਾਮਲ ਹੋ ਸਕਦੀਆਂ ਹਨ।

ਨੌਜਵਾਨਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ

ਬੀ.ਸੀ. ਵਿੱਚ ਪਰਿਵਾਰਾਂ ਨੂੰ ਜਦੋਂ ਵੀ ਆਪਣੇ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਲੋੜੀਂਦੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ, ਉਹ ਸੇਵਾਵਾਂ ਹਾਸਲ ਕਰਨ ਲਈ ਸੰਘਰਸ਼ ਕਰਦੇ ਆਏ ਹਨ। ਇਸ ਨੂੰ ਬਦਲਣ ਲਈ ਸਰਕਾਰ ਸਖ਼ਤ ਮਿਹਨਤ ਕਰ ਰਹੀ ਹੈ।

2021/22 ਵਿੱਚ, ਸੂਬੇ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਲਈ 123 ਨਵੇਂ ਬੈਡ ਤਿਆਰ ਕਰਨ ਦਾ ਵਾਅਦਾ ਕੀਤਾ: 8 ਬੈਡ ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥੌਰਿਟੀ (PHSA) ਨੂੰ ਅਲਾਟ ਕੀਤੇ ਗਏ, ਅਤੇ ਬਾਕੀ ਦੇ 115 ਖੇਤਰੀ ਸਿਹਤ ਅਥੌਰਿਟੀਆਂ ਨੂੰ ਅਲਾਟ ਕੀਤੇ ਗਏ। 

ਦਸੰਬਰ 2022 ਵਿੱਚ, ਖਾਸ ਤੌਰ ‘ਤੇ ਨੌਜਵਾਨਾਂ ਲਈ, ਸੂਬੇ ਨੇ 33 ਨਵੇਂ ਅਤੇ ਵਿਸਤ੍ਰਿਤ ਨਸ਼ੀਲੇ ਪਦਾਰਥ-ਵਰਤੋਂ ਦੇ ਪ੍ਰੋਗਰਾਮਾਂ ਦੀ ਘੋਸ਼ਣਾ ਕੀਤੀ, ਜਿਨ੍ਹਾਂ ਦੀ ਸਹਾਇਤਾ ਲਈ ਲਗਭਗ 130 ਨਵੇਂ ਸਿਹਤ-ਸੰਭਾਲ ਕਰਮਚਾਰੀਆਂ ਨੂੰ ਭਰਤੀ ਕੀਤਾ ਗਿਆ (ਸੰਖਿਆ ਵਿੱਚ ਉਤਰਾਅ-ਚੜ੍ਹਾਅ ਹੋ ਸਕਦੇ ਹਨ)।

ਨਵੇਂ ਸਟਾਫ਼ ਵਿੱਚ ਥੈਰੇਪਿਸਟ, ਕਲੀਨੀਸ਼ੀਅਨ, ਸੋਸ਼ਲ ਵਰਕਰ, ਹਾਰਮ-ਰਿਡਕਸ਼ਨ ਕੋਆਰਡੀਨੇਟਰ, ਮਹਾਂਮਾਰੀ ਵਿਗਿਆਨੀ, ਨਰਸਾਂ ਅਤੇ ਨਰਸ ਪ੍ਰੈਕਟੀਸ਼ਨਰ, ਆਊਟਰੀਚ ਵਰਕਰ, ਕਾਊਂਸਲਰ, ਇੰਡੀਜਨਸ (ਮੂਲ ਵਾਸੀ) ਪੇਸ਼ੰਟ ਨੈਵੀਗੇਟਰ ਅਤੇ ਆਪਸੀ ਸੰਪਰਕ, ਅਤੇ ਹੋਰ ਸਟਾਫ਼ ਸ਼ਾਮਲ ਹਨ, ਤਾਂ ਜੋ ਨੌਜਵਾਨ ਉਹ ਮਦਦ ਪ੍ਰਾਪਤ ਕਰ ਸਕਣ ਜਿਸਦੀ ਉਹਨਾਂ ਨੂੰ ਲੋੜ ਹੈ ਅਤੇ ਜਿਸਦੇ ਉਹ ਹੱਕਦਾਰ ਹਨ।

ਬਾਹਰ ਪੇਵਮੈਂਟ 'ਤੇ ਬੈਠੇ ਦੋ ਨੌਜਵਾਨ ਮੁਸਕਰਾਉਂਦੇ ਹੋਏ ਗੱਲਾਂ ਕਰਦੇ ਹੋਏ

ਪੀਅਰ ਅਸਿਸਟਡ ਕੇਅਰ ਟੀਮਾਂ

ਹਰ ਕੋਈ ਆਪਣੇ ਭਾਈਚਾਰੇ ਵਿੱਚ ਸੁਰੱਖਿਅਤ ਅਤੇ ਚੰਗਾ ਮਹਿਸੂਸ ਕਰਨ ਦਾ ਹੱਕਦਾਰ ਹੈ। ਜਦੋਂ ਲੋਕ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਦੇ ਕਾਰਨ ਸੰਕਟ ਵਿੱਚ ਹੁੰਦੇ ਹਨ, ਤਾਂ ਉਹਨਾਂ ਨੂੰ ਦੇਖਭਾਲ ਅਤੇ ਹਮਦਰਦੀ ਮਿਲਣੀ ਚਾਹੀਦੀ ਹੈ।

ਇਸ ਲਈ ਸਰਕਾਰ ਪੀਅਰ ਅਸਿਸਟਡ ਕੇਅਰ ਟੀਮਾਂ (PACT) ਦੇ ਵਿਸਤਾਰ ਰਾਹੀਂ ਸੰਕਟ ਵਿੱਚ ਘਿਰੇ ਲੋਕਾਂ ਦੀ ਮਦਦ ਕਰਨ ਲਈ ਅਤੇ ਪੁਲਿਸ ਸਰੋਤਾਂ ਨੂੰ ਅਪਰਾਧ ਅਤੇ ਕਨੂੰਨ ਲਾਗੂ ਕਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਖਾਲੀ ਰੱਖਣ ਲਈ ਸੇਵਾਵਾਂ ਵਿੱਚ ਨਿਵੇਸ਼ ਕਰ ਰਹੀ ਹੈ।

ਪੀਅਰ ਅਸਿਸਟਡ ਕੇਅਰ ਟੀਮਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਅਜੇਹੇ ‘ਪੀਅਰ’ (ਉਹਨਾਂ ਵਰਗਾ ਕੋਈ ਹੋਰ ਇਨਸਾਨ) ਨਾਲ ਜੋੜਿਆ ਜਾਵੇ, ਜਿਨ੍ਹਾਂ ਕੋਲ ਆਪਣੇ ਨਿੱਜੀ ਅਨੁਭਵ ਹਨ, ਅਤੇ ਉਹਨਾਂ ਨੂੰ ਮਾਨਸਿਕ ਸਿਹਤ ਪੇਸ਼ੇਵਰਾਂ ਨਾਲ ਵੀ ਜੋੜਿਆ ਜਾਵੇ ਤਾਂਕਿ ਉਹਨਾਂ ਨੂੰ ਲੋੜੀਂਦੀਆਂ ਸੇਵਾਵਾਂ ਅਤੇ ਸਹਾਇਤਾਵਾਂ ਮਿਲ ਸਕਣ।

ਨੌਰਥ ਸ਼ੋਰ, ਵਿਕਟੋਰੀਆ ਅਤੇ ਨਿਊ ਵੈਸਟਮਿੰਸਟਰ ਵਿੱਚ PACTs ਕੰਮ ਕਰ ਰਹੀਆਂ ਹਨ ਅਤੇ ਇਸ ਦੇ ਨਾਲ-ਨਾਲ ਇਹ ਟੀਮਾਂ ਪ੍ਰਿੰਸ ਜੌਰਜ, ਕੈਮਲੂਪਸ ਅਤੇ ਕੋਮੌਕਸ ਵੈਲੀ ਵਿੱਚ ਵੀ ਆ ਰਹੀਆਂ ਹਨ। ਸੂਬਾ ਕੁੱਲ 10 PACTs ਲਈ ਚਾਰ ਹੋਰ ਭਾਈਚਾਰਿਆਂ ਦੀ ਚੋਣ ਕਰਨ ਦੀ ਪ੍ਰਕਿਰਿਆ ਵਿੱਚ ਹੈ, ਅਤੇ ਇਸ ਦੇ ਨਾਲ-ਨਾਲ ਇੰਡੀਜਨਸ-ਅਗਵਾਈ ਹੇਠ ਕ੍ਰਾਈਸਿਸ ਰਿਸਪੌਂਸ ਟੀਮਾਂ ਨੂੰ ਵਿਕਸਤ ਕਰਨ ਲਈ ਵੀ ਕੰਮ ਚੱਲ ਰਿਹਾ ਹੈ।

PACT ਬਾਰੇ ਹੋਰ ਜਾਣਨ ਲਈ, ਪੀਅਰ ਅਸਿਸਟਡ ਕੇਅਰ ਟੀਮਜ਼ -CMHA ਬ੍ਰਿਟਿਸ਼ ਕੋਲੰਬੀਆ (Peer Assisted Care Teams – CMHA British Columbia) ‘ਤੇ ਜਾਓ।

ਮੋਬਾਈਲ ਇੰਟੀਗਰੇਟਡ ਕ੍ਰਾਈਸਿਸ ਰਿਸਪੌਂਸ ਟੀਮਾਂ

ਸਰਕਾਰ ‘ਮੋਬਾਈਲ ਇੰਟੀਗਰੇਟਡ ਕ੍ਰਾਈਸਿਸ ਰਿਸਪੌਂਸ’ ਟੀਮਾਂ ਦਾ ਵਿਸਤਾਰ ਕਰ ਰਹੀ ਹੈ, ਜਿਸ ਨੂੰ ‘ਕਾਰ ਪ੍ਰੋਗਰਾਮ’ ਵੀ ਕਿਹਾ ਜਾਂਦਾ ਹੈ। ਇਹ ਟੀਮਾਂ ਮਾਨਸਿਕ ਸਿਹਤ ਦੀਆਂ ਕਾਲਾਂ ਦਾ ਜਵਾਬ ਦੇਣ ਲਈ ਇੱਕ ਪੁਲਿਸ ਅਧਿਕਾਰੀ ਨੂੰ ਇੱਕ ਸਿਹਤ-ਸੰਭਾਲ ਕਰਮਚਾਰੀ ਨਾਲ ਜੋੜਦੀਆਂ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਭਾਈਚਾਰਿਆਂ ਵਿੱਚ ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਾਨਸਿਕ ਸਿਹਤ ਦੇ ਮਾਹਿਰਾਂ ਨਾਲ ਮਿਲਾਇਆ ਜਾ ਰਿਹਾ ਹੈ – ਅਤੇ ਨਾ ਸਿਰਫ਼ ਪੁਲਿਸ ਨਾਲ – ਅਤੇ ਉਹ ਉਹਨਾਂ ਸਾਰੀਆਂ ਸੇਵਾਵਾਂ ਅਤੇ ਸਹਾਇਤਾਵਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਉਹਨਾਂ ਨੂੰ ਆਪਣੀ ਤੰਦਰੁਸਤੀ ਲਈ ਲੋੜ ਹੈ।

ਹੈਲਥ ਕੇਅਰ ਵਰਕਰ ‘ਔਨ-ਸਾਈਟ’ ਭਾਵਨਾਤਮਕ ਅਤੇ ਮਾਨਸਿਕ ਸਿਹਤ ਮੁਲਾਂਕਣ, ਕ੍ਰਾਈਸਿਸ ਇੰਟਰਵੈਨਸ਼ਨ ਅਤੇ ਕਮਿਊਨਿਟੀ ਵਿੱਚ ਢੁਕਵੀਆਂ ਸੇਵਾਵਾਂ ਲਈ ਰਿਫਰਲ ਪ੍ਰਦਾਨ ਕਰਦਾ ਹੈ, ਅਤੇ ਪੁਲਿਸ ਅਧਿਕਾਰੀ ਕਿਸੇ ਵੀ ਕਿਸਮ ਦੀਆਂ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਧਿਆਨ ਰੱਖਦਾ ਹੈ ਅਤੇ ਯਕੀਨੀ ਬਣਾਉਂਦਾ ਹੈ ਕਿ ਸਾਰੇ ਸੁਰੱਖਿਅਤ ਹਨ। 

MICR ਟੀਮਾਂ ਮਿਊਂਨਿਸਿਪਲ ਪੁਲਿਸ ਵਿਭਾਗਾਂ ਜਾਂ ਸਥਾਨਕ RCMP ਡਿਟੈਚਮੈਂਟਾਂ ਅਤੇ ਖੇਤਰੀ ਸਿਹਤ ਅਥੌਰਿਟੀਆਂ ਵਿਚਕਾਰ ਭਾਈਵਾਲੀਆਂ ਹਨ।

MICR ਟੀਮਾਂ ਵਰਤਮਾਨ ਵਿੱਚ ਹੇਠਾਂ ਦਿੱਤੇ ਭਾਈਚਾਰਿਆਂ ਵਿੱਚ ਕੰਮ ਕਰ ਰਹੀਆਂ ਹਨ:

 • ਵੈਨਕੂਵਰ
 • ਦ ਨੌਰਥ ਸ਼ੋਰ 
 • ਰਿਚਮੰਡ
 • ਸਰ੍ਹੀ 
 • ਕੈਮਲੂਪਸ
 • ਕਲੋਨਾ
 • ਪ੍ਰਿੰਸ ਜੌਰਜ
 • ਫੋਰਟ ਸੇਂਟ ਜੌਨ
 • ਵਿਕਟੋਰੀਆ
 • ਨਨਾਇਮੋ

ਸੂਬਾ ਇਹਨਾਂ ਟੀਮਾਂ ਦੇ ਨੌਂ ਹੋਰ ਭਾਈਚਾਰਿਆਂ ਵਿੱਚ ਵਿਸਤਾਰ ਲਈ ਫੰਡਿੰਗ ਦੇ ਰਿਹਾ ਹੈ:

 • ਐਬਟਸਫੋਰਡ
 • ਪੋਰਟ ਕੋਕੁਇਟਲਮ/ਕੋਕੁਇਟਲਮ
 • ਪੈਂਟਿਕਟਨ
 • ਬਰਨਬੀ
 • ਚਿਲਿਵੈਕ
 • ਵਰਨਨ
 • ਸਕੁਆਮਿਸ਼ 
 • ਪ੍ਰਿੰਸ ਰੁਪਰਟ
 • ਦ ਵੈਸਟ ਸ਼ੋਰ।
ਪੰਜ ਲੋਕ ਇੱਕ ਦੂਜੇ ਦੇ ਦੁਆਲੇ ਆਪਣੀਆਂ ਬਾਹਾਂ ਪਾ ਕੇ ਬਾਹਰ ਚੱਲ ਰਹੇ ਹਨ

ਇੰਡੀਜਨਸ-ਅਗਵਾਈ ਵਾਲੀਆਂ ਪਹਿਲਕਦਮੀਆਂ

ਇੰਡੀਜਨਸ-ਅਗਵਾਈ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਿਯੋਗ ਦੇਣਾ ਇਹਨਾਂ ਪਹਿਲਕਦਮੀਆਂ ਦਾ ਇੱਕ ਮੁੱਖ ਹਿੱਸਾ ਹੈ ਜੋ ਨਿੱਜੀ ਫੈਸਲੇ ਲੈਣ ਮੁਮਕਿਨ ਬਣਾਉਂਦਾ ਹੈ, ਵਿਅਕਤੀਗਤ ਸੁਤੰਤਰਤਾ ਦਾ ਸਮਰਥਨ ਕਰਦਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਬਰਾਬਰ ਪਹੁੰਚ ਨੂੰ ਉਤਸ਼ਾਹਤ ਕਰਦਾ ਹੈ।

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦਾ ਸੰਕਟ ਇੰਡੀਜਨਸ (ਮੂਲ ਵਾਸੀ)  ਲੋਕਾਂ ਅਤੇ ਭਾਈਚਾਰਿਆਂ ਨੂੰ ਅਸਧਾਰਨ ਤੌਰ ‘ਤੇ ਪ੍ਰਭਾਵਤ ਕਰਦਾ ਹੈ। ਇਹ ਸੰਕਟ ਹਾਲ ਹੀ ਦੇ ਸਾਲਾਂ ਵਿੱਚ ਉਦੋਂ ਤੋਂ ਵਧੇਰੇ ਵਧਿਆ ਹੈ ਜਦੋਂ ਤੋਂ ਕੋਵਿਡ-19 ਮਹਾਂਮਾਰੀ, ਜੰਗਲੀ ਅੱਗਾਂ ਅਤੇ ਹੜ੍ਹਾਂ ਵਰਗੀਆਂ ਜਲਵਾਯੂ-ਸੰਬੰਧੀ ਐਮਰਜੈਂਸੀਆਂ ਕਾਰਨ ਹਾਲਾਤ ਜ਼ਿਆਦਾ ਵਿਗੜੇ ਹਨ, ਜਦੋਂ ਕਿ ਬਸਤੀਵਾਦ, ਨਸਲਵਾਦ ਦੇ ਪ੍ਰਭਾਵ, ਸਾਬਕਾ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਜਗ੍ਹਾਵਾਂ ‘ਤੇ ਚਿੰਨ੍ਹ-ਰਹਿਤ ਕਬਰਾਂ ਦੀਆਂ ਖੋਜਾਂ ਨਾਲ ਨਜਿੱਠਣ ਵਰਗੇ ਮਸਲੇ ਪਹਿਲਾਂ ਤੋਂ ਹੀ ਚੱਲ ਰਹੇ ਸਨ।

ਇੰਡੀਜਨਸ (ਮੂਲ ਵਾਸੀ) ਲੋਕ ਆਪ ਹੀ ਇਹ ਸਭ ਤੋਂ ਵਧੀਆ ਤਰੀਕੇ ਨਾਲ ਨਿਸ਼ਚਿਤ ਕਰ ਸਕਦੇ ਹਨ ਕਿ ਉਹਨਾਂ ਦੇ ਭਾਈਚਾਰਿਆਂ ਲਈ ਕਿਹੜੀਆਂ ਸੇਵਾਵਾਂ ਸਭ ਤੋਂ ਵਧੀਆ ਹੋ ਸਕਦੀਆਂ ਹਨ।

ਇਸੇ ਕਰਕੇ ਸਰਕਾਰ ਸੂਬੇ ਭਰ ਦੇ ਫਰਸਟ ਨੇਸ਼ਨਜ਼ ਭਾਈਚਾਰਿਆਂ ਵਿੱਚ ਇੰਡੀਜਨਸ-ਅਗਵਾਈ ਵਾਲੀਆਂ ਸਿਹਤ ਸੇਵਾਵਾਂ ਦੀ ਇੱਕ ਸ਼੍ਰੇਣੀ ਨੂੰ ਸਹਿਯੋਗ ਦੇਣ ਲਈ ਫਰਸਟ ਨੇਸ਼ਨ ਹੈਲਥ ਅਥੌਰਿਟੀ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰ ਰਹੀ ਹੈ, ਜਿਸ ਨਾਲ ਜਾਨਾਂ ਬਚਣਗੀਆਂ ਅਤੇ ਇਹਨਾਂ ਦੁਰਘਟਨਾਵਾਂ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਮਿਲੇਗੀ।

2023 ਦੇ ਬੱਜਟ ਵਿੱਚ ਇੰਡੀਜਨਸ-ਅਗਵਾਈ ਵਾਲੇ ਇਲਾਜ, ਰਿਕਵਰੀ ਅਤੇ ਬਾਅਦ ਦੀ ਸੰਭਾਲ (ਆਫਟਰ ਕੇਅਰ) ਸੇਵਾਵਾਂ ਲਈ ਇੱਕ ਨਵਾਂ $171 ਮਿਲੀਅਨ ਦਾ ਨਿਵੇਸ਼ ਫੰਡ ਸ਼ਾਮਲ ਹੈ, ਅਤੇ ਨਾਲ ਹੀ ਸੂਬੇ ਭਰ ਵਿੱਚ ਅੱਠ ਫਰਸਟ ਨੇਸ਼ਨ ਟ੍ਰੀਟਮੈਂਟ ਸੈਂਟਰਾਂ ਨੂੰ ਪੂਰਾ ਕਰਨ ਲਈ ਫੰਡਿੰਗ ਸਹਾਇਤਾ ਸ਼ਾਮਲ ਹੈ।  

ਇਸ ਨਿਵੇਸ਼ ਨਾਲ ਬੀ.ਸੀ. ਭਰ ਵਿੱਚ ਫਰਸਟ ਨੇਸ਼ਨਜ਼ ਕਮਿਊਨਿਟੀਆਂ ਲਈ ਸੇਵਾਵਾਂ ਅਤੇ ਸਹਾਇਤਾਵਾਂ ਦਾ ਵਿਸਤਾਰ ਹੋਵੇਗਾ।

ਫਰਸਟ ਨੇਸ਼ਨਜ਼ ਟ੍ਰੀਟਮੈਂਟ ਸੈਂਟਰ

ਦਸ ਫਰਸਟ ਨੇਸ਼ਨਜ਼ ਟ੍ਰੀਟਮੈਂਟ ਅਤੇ ਹੀਲਿੰਗ ਸੈਂਟਰ ਬੀ.ਸੀ. ਭਰ ਵਿੱਚ ਕੰਮ ਕਰ ਰਹੇ ਹਨ, ਛੇ ਦਾ ਨਵੀਨੀਕਰਨ ਚੱਲ ਰਿਹਾ ਹੈ ਅਤੇ ਦੋ ਨਵੀਆਂ ਫੈਸਿਲਿਟੀਆਂ ਦੀ ਯੋਜਨਾ ਬਣਾਈ ਜਾ ਰਹੀ ਹੈ – ਇੱਕ ਵੈਨਕੂਵਰ ਕੋਸਟਲ ਇਲਾਕੇ ਵਿੱਚ ਅਤੇ ਦੂਜਾ ਫਰੇਜ਼ਰ ਸੇਲਿਸ਼ ਇਲਾਕੇ ਵਿੱਚ ਹੈ। 

ਇਹਨਾਂ ਫੈਸਿਲਿਟੀਆਂ ਨੂੰ ਬੀ.ਸੀ. ਦੀ ਸਰਕਾਰ ਵੱਲੋਂ $20 ਮਿਲੀਅਨ ਦੀ ਸਹਾਇਤਾ ਦਿੱਤੀ ਗਈ ਹੈ, ਜਿਸ ਨੂੰ ਫੈਡਰਲ ਸਰਕਾਰ ਦੇ $20 ਮਿਲੀਅਨ ਅਤੇ ਫਰਸਟ ਨੇਸ਼ਨਜ਼ ਹੈਲਥ ਅਥੌਰਿਟੀ (FNHA) ਦੇ $20 ਮਿਲੀਅਨ ਦੁਆਰਾ ਮੈਚ ਕੀਤਾ ਗਿਆ ਹੈ, ਤਾਂ ਜੋ ਬੀ.ਸੀ. ਭਰ ਵਿੱਚ ਫਰਸਟ ਨੇਸ਼ਨਜ਼ ਦੁਆਰਾ ਚਲਾਏ ਜਾ ਰਹੇ ਟ੍ਰੀਟਮੈਂਟ ਸੈਂਟਰਾਂ ਦੀ ਮੁਰੰਮਤ ਅਤੇ ਨਵੀਨੀਕਰਨ ਵਿੱਚ ਸਹਾਇਤਾ ਹੋ ਸਕੇ। ਸੂਬਾ ਅੱਠ ਕਮਿਊਨਿਟੀ-ਅਧਾਰਤ ਫਰਸਟ ਨੇਸ਼ਨਜ਼ ਟ੍ਰੀਟਮੈਂਟ ਸੈਂਟਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਲਈ ਫਰਸਟ ਨੇਸ਼ਨਜ਼ ਹੈਲਥ ਅਥੌਰਿਟੀ ਨੂੰ $35 ਮਿਲੀਅਨ ਦੀ ਇੱਕ ਵਾਰ ਦੀ ਵਧੇਰੀ ਫੰਡਿੰਗ ਪ੍ਰਦਾਨ ਕਰ ਰਿਹਾ ਹੈ।

ਸੂਬਾ FNHA ਨੂੰ ਜ਼ਮੀਨ-ਅਧਾਰਤ ਅਤੇ ਸਭਿਆਚਾਰਕ ਤੌਰ ‘ਤੇ ਸੁਰੱਖਿਅਤ ਸੇਵਾਵਾਂ ਦਾ ਨਿਰਮਾਣ ਕਰਨ ਅਤੇ ਉਹਨਾਂ ਦਾ ਵਿਸਤਾਰ ਕਰਨ ਲਈ ਵੀ $49 ਮਿਲੀਅਨ ਦੇ ਰਿਹਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, FNHA ਨੇ ਫਰਸਟ ਨੇਸ਼ਨਜ਼ ਦੇ ਲੋਕਾਂ ਲਈ ਉਪਲਬਧ ਉਹਨਾਂ ਇਲਾਜ ਦੇ ਵਿਕਲਪਾਂ ਦੀ ਗਿਣਤੀ ਵਧਾਉਣ ਲਈ ਫਰਸਟ ਨੇਸ਼ਨਜ਼ ਨੂੰ ਫੰਡ ਸਹਾਇਤਾ ਦਿੱਤੀ ਹੈ, ਜੋ ਜ਼ਮੀਨ-ਅਧਾਰਤ, ਪਰਿਵਾਰ-ਅਧਾਰਤ ਜਾਂ ਸਮੂਹ-ਅਧਾਰਤ ਇਲਾਜ ਸੇਵਾਵਾਂ ‘ਤੇ ਕੇਂਦਰਿਤ ਹਨ।  

ਵਧੇਰੇ ਜਾਣਕਾਰੀ ਲਈ, fnha.ca ‘ਤੇ ਜਾਓ।

ਇੰਡੀਜਨਸ (ਮੂਲਵਾਸੀ) ਕਲਾਚਿੱਤਰ ਦੇ ਨਾਲ ਬਣਿਆ ਹੋਇਆ ਇੱਕ ISPARC ਚਿੰਨ੍ਹ ਜਿਸ ‘ਤੇ "ਆਪਣੀ ਸਿਹਤ ਦਾ ਸਨਮਾਨ ਕਰੋ" ਲਿਖਿਆ ਹੈ